ਸਲੋਕੁ ਮਃ ੩ ॥ ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥ ਨਵ ਨਿਧੀ ਅਠਾਰਹ ਸਿਧੀ ਪਿਛੈ ਲਗੀਆ ਫਿਰਹਿ ਜੋ ਹਰਿ ਹਿਰਦੈ ਸਦਾ ਵਸਾਇ ॥ ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥ ਨਾਨਕ ਪੂਰੈ ਭਾਗਿ ਸਤਿਗੁਰੁ ਮਿਲੈ ਸੁਖੁ ਪਾਏ ਜੁਗ ਚਾਰਿ ॥੧॥ ਮਃ ੩ ॥ ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥ ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥ ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥੨॥ {ਅੰਗ- 649}

ਅਰਥ: ਜੋ ਮਨੁੱਖ ਕੇਵਲ ਗੁਰ-ਸ਼ਬਦ ਵਿਚ ਬ੍ਰਿਤੀ ਜੋੜ ਕੇ ਬ੍ਰਹਮ ਨੂੰ ਪਛਾਣੇ, ਉਸ ਦਾ ਬ੍ਰਹਮਣ-ਪੁਣਾ ਬਣਿਆ ਰਹਿੰਦਾ ਹੈਜੋ ਮਨੁੱਖ ਹਰੀ ਨੂੰ ਹਿਰਦੇ ਵਿਚ ਵਸਾਏ, ਨੌ ਨਿਧੀਆਂ ਤੇ ਅਠਾਰਹ ਸਿੱਧੀਆਂ ਉਸ ਦੇ ਮਗਰ ਲੱਗੀਆਂ ਫਿਰਦੀਆਂ ਹਨ। ਵਿਚਾਰ ਕਰ ਕੇ ਸਮਝੋ, ਸਤਿਗੁਰੂ ਤੋਂ ਬਿਨਾ ਨਾਮ ਨਹੀਂ ਮਿਲਦਾ, ਹੇ ਨਾਨਕਪੂਰੇ ਭਾਗਾਂ ਨਾਲ ਜਿਸ ਨੂੰ ਸਤਿਗੁਰੂ ਮਿਲੇ ਉਹ ਚਹੁੰਆਂ ਜੁਗਾਂ ਵਿਚ (ਭਾਵ, ਸਦਾ) ਸੁਖ ਪਾਂਦਾ ਹੈ।੧।

ਜਵਾਨ ਹੋਵੇ ਭਾਵੇਂ ਬੁੱਢਾ-ਮਨਮੁਖ ਦੀ ਤ੍ਰਿਸ਼ਨਾ ਭੁੱਖ ਦੂਰ ਨਹੀਂ ਹੁੰਦੀ, ਸਤਿਗੁਰੂ ਦੇ ਸਨਮੁਖ ਹੋਏ ਮਨੁੱਖ ਸ਼ਬਦ ਵਿਚ ਰੱਤੇ ਹੋਣ ਕਰ ਕੇ ਤੇ ਅਹੰਕਾਰ ਗਵਾ ਕੇ ਅੰਦਰੋਂ ਸੰਤੋਖੀ ਹੁੰਦੇ ਹਨ। (ਉਹਨਾਂ ਦਾ) ਹਿਰਦਾ ਤ੍ਰਿਪਤੀ ਦੇ ਕਾਰਨ ਸੰਤੋਖੀ ਹੁੰਦਾ ਹੈ, ਤੇ ਫਿਰ (ਉਹਨਾਂ ਨੂੰ ਮਾਇਆ ਦੀ) ਭੁੱਖ ਨਹੀਂ ਲੱਗਦੀ। ਹੇ ਨਾਨਕ! ਗੁਰਮੁਖ ਮਨੁੱਖ ਜੋ ਕੁਝ ਕਰਦੇ ਹਨ, ਉਹ ਕਬੂਲ ਹੁੰਦਾ ਹੈ, ਕਿਉਂਕਿ ਉਹ ਨਾਮ ਵਿਚ ਬ੍ਰਿਤੀ ਜੋੜੀ ਰੱਖਦੇ ਹਨ।੨।