ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧  ੴ ਸਤਿਗੁਰ ਪ੍ਰਸਾਦਿ ॥ ਜਿਹ ਬਾਝੁ ਨ ਜੀਆ ਜਾਈ ॥ ਜਉ ਮਿਲੈ ਤ ਘਾਲ ਅਘਾਈ ॥ ਸਦ ਜੀਵਨੁ ਭਲੋ ਕਹਾਂਹੀ ॥ ਮੂਏ ਬਿਨੁ ਜੀਵਨੁ ਨਾਹੀ ॥੧॥ ਅਬ ਕਿਆ ਕਥੀਐ ਗਿਆਨੁ ਬੀਚਾਰਾ ॥ ਨਿਜ ਨਿਰਖਤ ਗਤ ਬਿਉਹਾਰਾ ॥੧॥ ਰਹਾਉ ॥ ਘਸਿ ਕੁੰਕਮ ਚੰਦਨੁ ਗਾਰਿਆ ॥ ਬਿਨੁ ਨੈਨਹੁ ਜਗਤੁ ਨਿਹਾਰਿਆ ॥ ਪੂਤਿ ਪਿਤਾ ਇਕੁ ਜਾਇਆ ॥ ਬਿਨੁ ਠਾਹਰ ਨਗਰੁ ਬਸਾਇਆ ॥੨॥ ਜਾਚਕ ਜਨ ਦਾਤਾ ਪਾਇਆ ॥ ਸੋ ਦੀਆ ਨ ਜਾਈ ਖਾਇਆ ॥ ਛੋਡਿਆ ਜਾਇ ਨ ਮੂਕਾ ॥ ਅਉਰਨ ਪਹਿ ਜਾਨਾ ਚੂਕਾ ॥੩॥ ਜੋ ਜੀਵਨ ਮਰਨਾ ਜਾਨੈ ॥ ਸੋ ਪੰਚ ਸੈਲ ਸੁਖ ਮਾਨੈ ॥ ਕਬੀਰੈ ਸੋ ਧਨੁ ਪਾਇਆ ॥ ਹਰਿ ਭੇਟਤ ਆਪੁ ਮਿਟਾਇਆ ॥੪॥੬॥ {ਅੰਗ 655}

ਅਰਥ: ਜਿਸ (ਸਦਾ-ਥਿਰ ਰਹਿਣ ਵਾਲੇ ਆਤਮਕ ਜੀਵਨ) ਤੋਂ ਬਿਨਾ ਜੀਵਿਆ ਹੀ ਨਹੀਂ ਜਾ ਸਕਦਾ, ਤੇ ਜੇ ਉਹ ਜੀਵਨ ਮਿਲ ਜਾਏ ਤਾਂ ਘਾਲ ਸਫਲ ਹੋ ਜਾਂਦੀ ਹੈ, ਜੋ ਜੀਵਨ ਸਦਾ ਕਾਇਮ ਰਹਿਣ ਵਾਲਾ ਹੈ, ਤੇ ਜਿਸ ਨੂੰ ਲੋਕ ਸੁਹਣਾ ਜੀਵਨ ਆਖਦੇ ਹਨ, ਉਹ ਜੀਵਨ ਆਪਾ-ਭਾਵ ਤਿਆਗਣ ਤੋਂ ਬਿਨਾ ਨਹੀਂ ਮਿਲ ਸਕਦਾ।੧।

ਜਦੋਂ ਉਸ ‘ਸਦ-ਜੀਵਨ‘ ਦੀ ਸਮਝ ਪੈ ਜਾਂਦੀ ਹੈ ਤਦੋਂ ਉਸ ਦੇ ਬਿਆਨ ਕਰਨ ਦੀ ਲੋੜ ਨਹੀਂ ਰਹਿੰਦੀ। (ਉਂਞ ਉਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਆਪਣੇ ਵੇਂਹਦਿਆਂ ਹੀ (ਜਗਤ ਦੀ ਸਦਾ) ਬਦਲਦੇ ਰਹਿਣ ਦੀ ਚਾਲ ਵੇਖ ਲਈਦੀ ਹੈ (ਭਾਵ, ਇਹ ਵੇਖ ਲਈਦਾ ਹੈ ਕਿ ਜਗਤ ਸਦਾ ਬਦਲ ਰਿਹਾ ਹੈਪਰ ਆਪਾ ਮਿਟਾਇਆਂ ਮਿਲਿਆ ਜੀਵਨ ਅਟੱਲ ਰਹਿੰਦਾ ਹੈ੧।ਰਹਾਉ।

ਜਿਸ ਪੁੱਤਰ (ਜੀਵਾਤਮਾਨੇ ਘਾਲ-ਕਮਾਈ ਕਰ ਕੇ ਆਪਣੀ ਜਿੰਦ ਨੂੰ ਪ੍ਰਭੂ ਵਿਚ ਮਿਲਾ ਦਿੱਤਾ ਹੈ, ਉਸ ਨੇ ਆਪਣੀਆਂ ਅੱਖਾਂ ਨੂੰ ਜਗਤ-ਤਮਾਸ਼ੇ ਵਲੋਂ ਹਟਾ ਕੇ ਜਗਤ (ਦੀ ਅਸਲੀਅਤ) ਨੂੰ ਵੇਖ ਲਿਆ ਹੈ। ਉਸ ਨੇ ਆਪਣੇ ਅੰਦਰ ਆਪਣੇ ਪਿਤਾ-ਪ੍ਰਭੂ ਨੂੰ ਪਰਗਟ ਕਰ ਲਿਆ ਹੈ, ਪਹਿਲਾਂ ਉਹ ਸਦਾ ਬਾਹਰ ਭਟਕਦਾ ਸੀ, ਹੁਣ (ਉਸ ਨੇ ਆਪਣੇ ਅੰਦਰ, ਮਾਨੋ,) ਸ਼ਹਿਰ ਵਸਾ ਲਿਆ ਹੈ (ਭਾਵ, ਉਸ ਦੇ ਅੰਦਰ ਉਹ ਸੁੰਦਰ ਗੁਣ ਪੈਦਾ ਹੋ ਗਏ ਹਨ ਕਿ ਹੁਣ ਉਹ ਬਾਹਰ ਨਹੀਂ ਭਟਕਦਾ੨।

ਜੋ ਮਨੁੱਖ ਮੰਗਤਾ (ਬਣ ਕੇ ਪ੍ਰਭੂ ਦੇ ਦਰ ਤੋਂ ਮੰਗਦਾ) ਹੈ ਉਸ ਨੂੰ ਦਾਤਾ-ਪ੍ਰਭੂ ਆਪ ਮਿਲ ਪੈਂਦਾ ਹੈ, ਉਸ ਨੂੰ ਉਹ ਇਤਨੀ ਆਤਮਕ ਜੀਵਨ ਦੀ ਦਾਤ ਬਖ਼ਸ਼ਦਾ ਹੈ ਜੋ ਖ਼ਰਚਿਆਂ ਖ਼ਤਮ ਨਹੀਂ ਹੁੰਦੀ। ਉਸ ਦਾਤ ਨੂੰ ਨਾਹ ਛੱਡਣ ਨੂੰ ਜੀ ਕਰਦਾ ਹੈ, ਨਾਹ ਉਹ ਮੁੱਕਦੀ ਹੈ, (ਤੇ ਉਸ ਦੀ ਬਰਕਤਿ ਨਾਲ) ਹੋਰਨਾਂ ਦੇ ਦਰ ਤੇ ਭਟਕਣਾ ਮੁੱਕ ਜਾਂਦੀ ਹੈ।੩।

ਜੋ ਮਨੁੱਖ ਇਸ ਆਤਮਕ ਅਟੱਲ ਜੀਵਨ ਦੀ ਖ਼ਾਤਰ ਆਪਾ-ਭਾਵ ਮਿਟਾਉਣ ਦੀ ਜਾਚ ਸਿੱਖ ਲੈਂਦਾ ਹੈ, ਉਹ ਸੰਤਾਂ ਵਾਲੇ ਅਟੱਲ ਆਤਮਕ ਸੁਖ ਨੂੰ ਮਾਣਦਾ ਹੈ। ਮੈਂ ਕਬੀਰ ਨੇ (ਭੀ) ਉਹ (ਆਤਮਕ ਜੀਵਨ-ਰੂਪਧਨ ਪ੍ਰਾਪਤ ਕਰ ਲਿਆ ਹੈ, ਤੇ ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਆਪਾ-ਭਾਵ ਮਿਟਾ ਲਿਆ ਹੈ।੪।੬।