ਧਨਾਸਰੀ ਮਹਲਾ ੫ ॥ ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥ ਕ੍ਰਿਪਾ ਕਟਾਖ੍ਯ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥੧॥ ਹਰਿ ਜਨ ਰਾਖੇ ਗੁਰ ਗੋਵਿੰਦ ॥ ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥ ਰਹਾਉ ॥ ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥ ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥੨॥੧੪॥੪੫॥
ਅਰਥ: ਹੇ ਭਾਈ! ਪਰਮਾਤਮਾ ਆਪਣੇ ਸੇਵਕਾਂ ਦੀ (ਸਦਾ) ਰਾਖੀ ਕਰਦਾ ਹੈ। (ਸੇਵਕਾਂ ਨੂੰ ਆਪਣੇ) ਗਲ ਨਾਲ ਲਾ ਕੇ ਦਇਆ-ਦਾ-ਘਰ ਸਰਬ-ਵਿਆਪਕ ਬਖ਼ਸ਼ਣਹਾਰ ਪ੍ਰਭੂ ਉਹਨਾਂ ਦੇ ਸਾਰੇ ਔਗੁਣ ਮਿਟਾ ਦੇਂਦਾ ਹੈ।ਰਹਾਉ। ਹੇ ਭਾਈ! ਜਿਸ ਪ੍ਰਭੂ ਨੇ ਚੌਹੀਂ ਪਾਸੀਂ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਕਲਾ ਵਰਤਾਈ ਹੋਈ ਹੈ, ਉਸ ਨੇ (ਆਪਣੇ ਦਾਸ ਦੇ) ਸਿਰ ਉੱਤੇ ਸਦਾ ਹੀ ਆਪਣਾ ਹੱਥ ਰੱਖਿਆ ਹੋਇਆ ਹੈ। ਮੇਹਰ ਦੀ ਨਿਗਾਹ ਨਾਲ ਆਪਣੇ ਦਾਸ ਵੱਲ ਤੱਕਦਾ ਹੈ, ਤੇ, ਉਸ ਦਾ ਹਰੇਕ ਦੁੱਖ ਦੂਰ ਕਰ ਦੇਂਦਾ ਹੈ।੧। ਹੇ ਭਾਈ! ਪ੍ਰਭੂ ਦੇ ਦਾਸ ਆਪਣੇ ਪ੍ਰਭੂ ਪਾਸੋਂ ਜੋ ਕੁਝ ਮੰਗਦੇ ਹਨ ਉਹ ਉਹੀ ਕੁਝ ਉਹਨਾਂ ਨੂੰ ਦੇਂਦਾ ਹੈ। ਹੇ ਨਾਨਕ! ਪ੍ਰਭੂ ਦਾ) ਸੇਵਕ ਜੋ ਕੁਝ ਮੂੰਹੋਂ ਬੋਲਦਾ ਹੈ, ਉਹ ਇਸ ਲੋਕ ਵਿਚ ਪਰਲੋਕ ਵਿਚ ਅਟੱਲ ਹੋ ਜਾਂਦਾ ਹੈ।੨।੧੪।੪੫।