ਸੂਹੀ ਮਹਲਾ ੪ ਘਰੁ ੫    ੴ ਸਤਿਗੁਰ ਪ੍ਰਸਾਦਿ ॥ ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥ ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥ ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥ ਵਡਭਾਗੀ ਹਰਿ ਪਾਇਆ ਜਨ ਨਾਨਕ ਨਾਮਿ ਵਿਗਾਸੇ ॥੧॥ ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥ ਘਰਿ ਆਵਹੁ ਚਿਰੀ ਵਿਛੁੰਨਿਆ ਮਿਲੁ ਸਬਦਿ ਗੁਰੂ ਪ੍ਰਭ ਨਾਹਾ ॥ ਹਉ ਤੁਝੁ ਬਾਝਹੁ ਖਰੀ ਉਡੀਣੀਆ ਜਿਉ ਜਲ ਬਿਨੁ ਮੀਨੁ ਮਰਾਹਾ ॥ ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥ ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥ ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥ ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥ ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥ ਗੁਰੁ ਸੁੰਦਰੁ ਮੋਹਨੁ ਪਾਇ ਕਰੇ ਹਰਿ ਪ੍ਰੇਮ ਬਾਣੀ ਮਨੁ ਮਾਰਿਆ ॥ ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ ॥ ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥ ਵਡਭਾਗੀ ਪ੍ਰਭ ਆਇ ਮਿਲੁ ਜਨੁ ਨਾਨਕੁ ਖਿਨੁ ਖਿਨੁ ਵਾਰਿਆ ॥੪॥੧॥੫॥ {ਅੰਗ 776}

ਅਰਥ: ਹੇ ਸੰਤ ਜਨੋ! ਮੈਨੂੰ ਪਿਆਰਾ ਗੁਰੂ ਮਿਲ ਪਿਆ ਹੈ (ਉਸ ਦੀ ਮਿਹਰ ਨਾਲਮੇਰੀ (ਮਾਇਆ ਦੀ) ਤ੍ਰਿਸ਼ਨਾ ਮਿਟ ਗਈ ਹੈ। (ਗੁਰੂ) ਮੈਨੂੰ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨਾਲ ਮਿਲਾ ਰਿਹਾ ਹੈ, ਮੈਂ ਆਪਣਾ ਮਨ ਆਪਣਾ ਤਨ ਗੁਰੂ ਦੇ ਅੱਗੇ ਭੇਟ ਧਰਦਾ ਹਾਂ। ਹੇ ਭਾਈ! ਗੁਰੂ ਸਲਾਹੁਣ-ਜੋਗ ਹੈ, ਗੁਰੂ ਮਹਾ ਪੁਰਖ ਹੈ, ਗੁਰੂ ਨੂੰ ਸ਼ਾਬਾਸ਼। ਗੁਰੂ ਮੈਨੂੰ ਪਰਮਾਤਮਾ ਦੀ ਦੱਸ ਪਾ ਰਿਹਾ ਹੈ। ਹੇ ਦਾਸ ਨਾਨਕ! ਜਿਨ੍ਹਾਂ ਨੂੰ ਪਰਮਾਤਮਾ ਵੱਡੇ ਭਾਗਾਂ ਨਾਲ ਮਿਲ ਪੈਂਦਾ ਹੈ, (ਉਹ ਮਨੁੱਖ ਪਰਮਾਤਮਾ ਦੇ) ਨਾਮ ਵਿਚ ਜੁੜ ਕੇ ਆਤਮਕ ਆਨੰਦ ਨਾਲ ਭਰਪੂਰ ਹੋ ਜਾਂਦੇ ਹਨ।੧।

ਹੇ ਸੰਤ ਜਨੋ! ਜਦੋਂ ਦਾ) ਪਿਆਰਾ ਗੁਰੂ ਸੱਜਣ ਮੈਨੂੰ ਮਿਲਿਆ ਹੈਮੈਂ (ਉਸ ਪਾਸੋਂ) ਪਰਮਾਤਮਾ (ਦੇ ਮਿਲਾਪਦਾ ਰਸਤਾ ਪੁੱਛਦੀ ਰਹਿੰਦੀ ਹਾਂ, (ਅਤੇ ਪ੍ਰਭੂ-ਪਤੀ ਨੂੰ ਭੀ ਆਖਦੀ ਰਹਿੰਦੀ ਹਾਂ-) ਹੇ ਪ੍ਰਭੂ ਪਤੀ! ਗੁਰੂ ਦੇ ਸ਼ਬਦ ਦੀ ਰਾਹੀਂ ਮੈਨੂੰ ਚਿਰਾਂ ਦੀ ਵਿੱਛੁੜੀ ਹੋਈ ਨੂੰ ਆ ਮਿਲ, ਮੇਰੇ (ਹਿਰਦੇ-) ਘਰ ਵਿਚ ਆ ਵੱਸ। ਹੇ ਪ੍ਰਭੂ! ਜਿਵੇਂ ਪਾਣੀ ਤੋਂ ਬਿਨਾ ਮੱਛੀ (ਤੜਪ) ਮਰਦੀ ਹੈ, (ਤਿਵੇਂ) ਤੈਥੋਂ ਬਿਨਾ ਮੈਂ ਬਹੁਤ ਉਦਾਸ ਰਹਿੰਦੀ ਹਾਂ। ਹੇ ਦਾਸ ਨਾਨਕ! ਜਿਹੜੇ ਮਨੁੱਖਾਂ ਨੇ ਵੱਡੇ ਭਾਗਾਂ ਨਾਲ ਪਰਮਾਤਮਾ ਦਾ ਸਿਮਰਨ ਕੀਤਾ, ਉਹ ਪਰਮਾਤਮਾ ਦੇ ਨਾਮ ਵਿਚ (ਹੀ) ਲੀਨ ਹੋ ਗਏ।੨।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਰਹਿੰਦਾ ਹੈ, (ਉਸ ਦਾ) ਮਨ ਦਸੀਂ ਪਾਸੀਂ ਦੌੜ ਦੌੜ ਕੇ ਭਟਕਦਾ ਰਹਿੰਦਾ ਹੈ। (ਆਪਣੇ ਮਨ ਦਾ ਮੁਰੀਦ ਮਨੁੱਖ ਆਪਣੇ) ਮਨ ਵਿਚ ਸਦਾ (ਮਾਇਆ ਦੀਆਂ) ਆਸਾਂ ਚਿਤਾਰਦਾ ਰਹਿੰਦਾ ਹੈ, (ਉਸ ਦੇ) ਮਨ ਨੂੰ (ਮਾਇਆ ਦੀ) ਤ੍ਰਿਸ਼ਨਾ (ਮਾਇਆ ਦੀ) ਭੁੱਖ ਚੰਬੜੀ ਰਹਿੰਦੀ ਹੈ। ਬੇਅੰਤ ਧਨ ਧਰਤੀ ਵਿਚ ਦੱਬ ਰੱਖਦਾ ਹੈ, ਫਿਰ ਭੀ ਆਤਮਕ ਮੌਤ ਲਿਆਉਣ ਵਾਲੀ ਹੋਰ ਮਾਇਆ-ਜ਼ਹਿਰ ਦੀ ਭਾਲ ਕਰਦਾ ਫਿਰਦਾ ਹੈ। ਹੇ ਦਾਸ ਨਾਨਕ! ਆਖ-ਹੇ ਭਾਈ!) ਤੂੰ ਪਰਮਾਤਮਾ ਦਾ ਨਾਮ ਜਪਦਾ ਰਿਹਾ ਕਰ। ਨਾਮ ਤੋਂ ਖੁੰਝ ਕੇ ਮਨੁੱਖ (ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਹੀ ਸਹੇੜੀ ਰੱਖਦਾ ਹੈ।੩।

 ਹੇ ਭਾਈ! ਪਿਆਰੇ ਸੋਹਣੇ ਗੁਰੂ ਨੂੰ ਮਿਲ ਕੇ ਮੇਰਾ ਮਨ ਪ੍ਰੇਮ ਦੇ ਤੀਰਾਂ ਨਾਲ ਵਿੱਝ ਗਿਆ ਹੈ, ਆਸਾ ਚਿੰਤਾ ਵਾਲੀ ਸੂਝ-ਬੂਝ ਮੇਰੇ ਹਿਰਦੇ ਵਿਚੋਂ ਭੁੱਲ ਗਈ ਹੈ, ਮੈਂ ਆਪਣੇ ਮਨ ਦੀ ਆਸਾ ਤੇ ਚਿੰਤਾ ਵਿਸਾਰ ਚੁਕਾ ਹਾਂ। (ਹੁਣ) ਮੇਰੇ ਅੰਦਰ ਪ੍ਰੇਮ ਦੀ ਚੋਭ ਟਿਕੀ ਰਹਿੰਦੀ ਹੈ, ਗੁਰੂ ਦਾ ਦਰਸ਼ਨ ਕਰ ਕੇ ਮੇਰਾ ਮਨ ਧੀਰਜ ਵਾਲਾ ਹੋ ਗਿਆ ਹੈ। ਹੇ ਦਾਸ ਨਾਨਕ! ਹੁਣ ਇਉਂ ਅਰਦਾਸ ਕਰਿਆ ਕਰ-) ਹੇ ਪ੍ਰਭੂ! ਮੇਰੇ ਚੰਗੇ ਭਾਗਾਂ ਨੂੰ ਮੈਨੂੰ ਆ ਮਿਲ-ਮੈਂ ਤੈਥੋਂ ਹਰ ਵੇਲੇ ਸਦਕੇ ਕੁਰਬਾਨ ਜਾਂਦਾ ਹਾਂ।੪।੧।੫।