ਟੋਡੀ ਮਹਲਾ ੫ ॥ ਸਤਿਗੁਰ ਆਇਓ ਸਰਣਿ ਤੁਹਾਰੀ ॥ ਮਿਲੈ ਸੂਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥੧॥ ਰਹਾਉ ॥ ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥ ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥੧॥ ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥ ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥੨॥੪॥੯॥ (ਅੰਗ-713)
ਅਰਥ : ਟੋਡੀ ਪੰਜਵੀਂ ਪਾਤਿਸ਼ਾਹੀ। ਮੇਰੇ ਸੱਚੇ ਗੁਰੂ ਜੀ, ਮੈਂ ਤੁਹਾਡੀ ਪਨਾਹ ਲਈ ਹੈ। ਮੈਨੂੰ ਰੱਬ ਦੇ ਨਾਮ ਦੀ ਠੰਢ ਚੈਨ ਅਤੇ ਪ੍ਰਭਤਾ ਬਖਸ਼ ਅਤੇ ਮੇਰਾ ਫਿਕਰ ਦੂਰ ਕਰ। ਠਹਿਰਾਉ। ਮੈਨੂੰ ਹੋਰ ਕੋਈ ਪਨਾਹ ਦੀ ਥਾਂ ਨਹੀਂ ਦਿਸਦੀ। ਹਾਰ ਹੰਭ ਕੇ ਮੈਂ ਤੇਰੇ ਬੂਹੇ ਤੇ ਆ ਡਿੱਗਾ ਹਾਂ। ਮੇਰਾ ਹਿਸਾਬ ਕਿਤਾਬ ਨਾਂ ਪੜਤਾਲ, ਮੈਂ ਕੇਵਲ ਲੇਖੇ ਪੱਤੇ ਨੂੰ ਅੱਖਾਂ ਤੋਂ ਓਹਲੇ ਕਰਨ ਨਾਲ ਹੀ ਬੱਚ ਸਕਦਾ ਹਾਂ। ਮੈਂ ਗੁਣ-ਵਿਹੂਣ ਦਾ ਪਾਰ ਉਤਾਰਾ ਕਰ ਦੇ, ਹੇ ਸੁਆਮੀ! ਤੂੰ ਸਦਾ ਮਾਫੀ ਦੇਣਹਾਰ ਹੈ। ਹਮੇਸ਼ਾਂ ਹੀ ਦਇਆਲੂ ਹੈ, ਹੇ ਸੁਆਮੀ, ਸਾਰਿਆਂ ਨੂੰ ਆਸਰਾ ਦਿੰਦਾ ਹੈ। ਗੋਲਾ ਨਾਨਕ ਸਾਧੂਆਂ ਦੇ ਮਾਰਗ ਚਲਦਾ ਹੈ, ਹੇ ਸਾਹਿਬ! ਤੂੰ ਉਸ ਨੂੰ ਇਸ ਜਨਮ ਵਿੱਚ ਜਾਂ ਇਸ ਦਫਾ ਬਚਾ ਲੈ।