ੴ ਸਤਿਗੁਰ ਪ੍ਰਸਾਦਿ ॥ ਰਾਗੁ ਸੂਹੀ ਛੰਤ ਮਹਲਾ ੪ ਘਰੁ ੨ ॥ ਗੁਰਮੁਖਿ ਹਰਿ ਗੁਣ ਗਾਏ ॥ ਹਿਰਦੈ ਰਸਨ ਰਸਾਏ ॥ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥ ਅਨਦਿਨੁ ਭੋਗ ਭੋਗੇ ਸੁਖਿ ਸੋਵੈ ਸਬਦਿ ਰਹੈ ਲਿਵ ਲਾਏ ॥ ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥ ਸਹਜੇ ਸਹਜਿ ਮਿਲਿਆ ਜਗਜੀਵਨੁ ਨਾਨਕ ਸੁੰਨਿ ਸਮਾਏ ॥੧॥ ਸੰਗਤਿ ਸੰਤ ਮਿਲਾਏ ॥ ਹਰਿ ਸਰਿ ਨਿਰਮਲਿ ਨਾਏ ॥ ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥ ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥ ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥ ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥੨॥ ਅੰਤਰਿ ਰਤਨੁ ਬੀਚਾਰੇ ॥ ਗੁਰਮੁਖਿ ਨਾਮੁ ਪਿਆਰੇ ॥ ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥ ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥ ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥ ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥੩॥ ਹਰਿ ਪ੍ਰਭਿ ਕਾਜੁ ਰਚਾਇਆ ॥ ਗੁਰਮੁਖਿ ਵੀਆਹਣਿ ਆਇਆ ॥ ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥ ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥ ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥ ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥੪॥੧॥੩॥

ਅਰਥ: ਹੇ ਭਾਈ! ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਪਰਮਾਤਮਾ ਦੇ ਗੁਣ ਆਪਣੇ) ਹਿਰਦੇ ਵਿਚ (ਵਸਾਈ ਰਖਦਾ ਹੈ, ਆਪਣੀ) ਜੀਭ ਨਾਲ (ਗੁਣਾਂ ਦਾ) ਰਸ ਮਾਣਦਾ ਹੈ, (ਜਿਹੜਾ ਮਨੁੱਖ) ਹਰੀ (ਦੇ ਗੁਣਾਂ ਦਾ) ਰਸ (ਆਪਣੀ) ਜੀਭ ਨਾਲ ਮਾਣਦਾ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਉਸ ਟਿਕੇ ਹੋਏ ਨੂੰ) ਪਰਮਾਤਮਾ ਮਿਲ ਪੈਂਦਾ ਹੈ। ਉਹ ਮਨੁੱਖ ਹਰ ਵੇਲੇ (ਸਿਫ਼ਤਿ-ਸਾਲਾਹ ਦਾ) ਅਨੰਦ ਮਾਣਦਾ ਹੈ, ਆਨੰਦ ਵਿਚ ਲੀਨ ਰਹਿੰਦਾ ਹੈ, (ਗੁਰੂ ਦੇ) ਸ਼ਬਦ ਦੀ ਰਾਹੀਂ (ਉਹ ਮਨੁੱਖ ਪ੍ਰਭੂ ਵਿਚ) ਸੁਰਤਿ ਜੋੜੀ ਰੱਖਦਾ ਹੈ। ਪਰ, ਹੇ ਭਾਈ! ਪੂਰਾ ਗੁਰੂ ਮਿਲਦਾ ਹੈ ਵੱਡੀ ਕਿਸਮਤ ਨਾਲ, (ਜਿਸ ਨੂੰ ਮਿਲਦਾ ਹੈ, ਉਹ) ਹਰ ਵੇਲੇ ਹਰਿ-ਨਾਮ ਸਿਮਰਦਾ ਰਹਿੰਦਾ ਹੈ। ਹੇ ਨਾਨਕ! ਉਹ ਮਨੁੱਖ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਜਗਤ ਦਾ ਸਹਾਰਾ ਪ੍ਰਭੂ ਉਸ ਨੂੰ ਮਿਲ ਪੈਂਦਾ ਹੈ, ਉਹ ਮਨੁੱਖ ਉਸ ਅਵਸਥਾ ਵਿਚ ਲੀਨ ਰਹਿੰਦਾ ਹੈ ਜਿੱਥੇ ਮਾਇਆ ਦਾ ਕੋਈ ਫੁਰਨਾ ਪੋਹ ਨਹੀਂ ਸਕਦਾ।

ਹੇ ਭਾਈ! ਜਿਹੜਾ ਮਨੁੱਖ ਸੰਤ ਜਨਾਂ ਦੀ ਸੰਗਤਿ ਵਿਚ ਮਿਲਦਾ ਹੈ, ਉਹ ਪਰਮਾਤਮਾ ਦੇ ਪਵਿੱਤਰ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ। ਉਹ ਮਨੁੱਖ ਪ੍ਰਭੂ ਦੇ ਪਵਿੱਤਰ ਨਾਮ-ਜਲ ਵਿਚ ਇਸ਼ਨਾਨ ਕਰਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ, (ਨਾਮ-ਜਲ ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਕਰ ਦੇਂਦਾ ਹੈ। (ਨਾਮ-ਜਲ ਦੀ ਬਰਕਤਿ ਨਾਲ ਉਸ ਦੇ ਅੰਦਰੋਂ) ਖੋਟੀ ਮਤਿ ਦੀ ਮੈਲ ਧੁਪ ਜਾਂਦੀ ਹੈ, ਭਟਕਣਾ ਦੂਰ ਹੋ ਜਾਂਦੀ ਹੈ, ਹਉਮੈ ਦੀ ਪੀੜ ਨਾਸ ਹੋ ਜਾਂਦੀ ਹੈ। ਪਰ, ਹੇ ਭਾਈ! ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹੀ ਸਾਧ ਸੰਗਤਿ ਮਿਲਦੀ ਹੈ, (ਜਿਸ ਨੂੰ ਮਿਲਦੀ ਹੈ, ਉਸ ਦਾ) ਟਿਕਾਣਾ ਪ੍ਰਭੂ-ਚਰਨਾਂ ਵਿਚ ਹੋਇਆ ਰਹਿੰਦਾ ਹੈ। ਹੇ ਨਾਨਕ! ਉਹ ਮਨੁੱਖ ਸੁਆਦ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤਾਂ ਦਾ ਰਸ ਆਪਣੀ ਜੀਭ ਨਾਲ ਮਾਣਦਾ ਹੈ, (ਉਸ ਦੇ ਅੰਦਰ ਪਰਮਾਤਮਾ ਦਾ) ਨਾਮ (ਆਤਮਕ ਜੀਵਨ ਦਾ) ਚਾਨਣ ਪੈਦਾ ਕਰ ਦੇਂਦਾ ਹੈ।੨।

ਹੇ ਭਾਈ! ਜਿਹੜਾ ਮਨੁੱਖ ਆਪਣੇ ਅੰਦਰ ਪ੍ਰਭੂ ਦੀ ਅਮੋਲਕ ਸਿਫ਼ਤਿ-ਸਾਲਾਹ ਨੂੰ ਪ੍ਰੋ ਰੱਖਦਾ ਹੈ, ਗੁਰੂ ਦੇ ਸਨਮੁਖ ਰਹਿ ਕੇ ਪਰਮਾਤਮਾ ਦੇ ਨਾਮ ਨੂੰ ਪਿਆਰਦਾ ਹੈ, ਹਰਿ-ਨਾਮ ਨਾਲ ਪਿਆਰ ਪਾਈ ਰੱਖਦਾ ਹੈ, (ਗੁਰੂ ਆਪਣੇ) ਸ਼ਬਦ ਦੀ ਰਾਹੀਂ (ਉਸ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ, (ਉਸ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ। (ਉਸ ਮਨੁੱਖ ਦੇ) ਹਿਰਦੇ ਵਿਚ ਆਤਮਕ ਜੀਵਨ ਦੀ ਸੂਝ ਵਾਲਾ ਤੇਜ਼ ਚਾਨਣ ਮਘ ਪੈਂਦਾ ਹੈ, ਉਸ ਦੇ ਸਾਰੇ ਗਿਆਨ-ਇੰਦ੍ਰੇ ਸੋਹਣੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ। (ਉਹ ਮਨੁੱਖ ਆਪਣਾ) ਸਰੀਰ ਭੇਟ ਕਰ ਕੇ, (ਆਪਣਾ) ਮਨ ਭੇਟ ਕਰ ਕੇ ਆਤਮਕ ਜੀਵਨ ਦਾ ਸੁਹਜ ਪੈਦਾ ਕਰ ਲੈਂਦਾ ਹੈ, ਉਹ ਸਦਾ-ਥਿਰ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਨਾਨਕ! (ਉਹ ਮਨੁੱਖ ਸਦਾ ਪ੍ਰਭੂ ਦੀ) ਗੋਦ ਵਿਚ ਲੀਨ ਰਹਿੰਦਾ ਹੈ (ਉਸ ਦੀ ਇਹ ਸਰਧਾ ਬਣੀ ਰਹਿੰਦੀ ਹੈ ਕਿ) ਜੋ ਕੁਝ ਪ੍ਰਭੂ ਹੁਕਮ ਕਰਦਾ ਹੈ, ਉਹੀ ਧਿਆਨ ਨਾਲ ਕਰਨਾ ਚਾਹੀਦਾ ਹੈ (ਪ੍ਰਭੂ ਦੀ ਰਜ਼ਾ ਵਿਚ ਪੂਰਨ ਤੌਰ ਤੇ ਰਾਜ਼ੀ ਰਹਿਣਾ ਚਾਹੀਦਾ ਹੈ੩।

ਹੇ ਭਾਈ! ਹਰੀ ਪ੍ਰਭੂ ਨੇ (ਜਿਸ ਜੀਵ-ਇਸਤ੍ਰੀ ਦੇ ਵਿਆਹ ਦਾ) ਕੰਮ ਰਚ ਦਿੱਤਾ, ਉਸ ਨੂੰ ਉਹ ਗੁਰੂ ਦੀ ਰਾਹੀਂ ਵਿਆਹੁਣ ਲਈ ਆ ਪਹੁੰਚਿਆ (ਜਿਹੜੀ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਨਾ ਚਾਹੁੰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਟਿਕਾਂਦਾ ਹੈਹੇ ਭਾਈ! ਜਿਸ ਜੀਵ-ਇਸਤ੍ਰੀ ਨੂੰ) ਪ੍ਰਭੂ ਆਪਣੇ ਨਾਲ ਜੋੜਨ ਦੀ ਮਿਹਰ ਕਰਦਾ ਹੈ, ਉਸ ਨੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ। ਉਹ ਜੀਵ-ਇਸਤ੍ਰੀ ਸੰਤ ਜਨਾਂ ਨਾਲ ਮਿਲ ਕੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੀ ਹੈ, ਪ੍ਰਭੂ ਆਪ ਉਸ ਦਾ ਜੀਵਨ ਸੋਹਣਾ ਬਣਾ ਦੇਂਦਾ ਹੈ। (ਜਿਵੇਂ ਵਿਆਹ ਦੇ ਸਮੇ ਜਾਂਞੀ ਰਲ ਕੇ ਆਉਂਦੇ ਹਨਤਿਵੇਂ ਉਸ ਜੀਵ-ਇਸਤ੍ਰੀ ਨੂੰ ਪ੍ਰਭੂ-ਪਤੀ ਨਾਲ ਮਿਲਾਣ ਵਾਸਤੇ) ਦੈਵੀ ਗੁਣਾਂ ਵਾਲੇ ਸੰਤ ਜਨਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਭਗਤ-ਜਨ ਮਿਲ ਕੇ ਆਉਂਦੇ ਹਨ (ਉਸ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਵਿਆਹ ਕਰਨ ਲਈ) ਇਕ ਅਦੁਤੀ ਜੰਞ ਬਣਾਂਦੇ ਹਨ। ਹੇ ਨਾਨਕ (ਸਤ ਸੰਗੀਆਂ ਦੀ ਉਸ ਜੰਞ ਦੀ ਬਰਕਤਿ ਨਾਲ, ਭਾਵ, ਉਸ ਸਤਸੰਗ ਦੀ ਕਿਰਪਾ ਨਾਲ ਉਸ ਜੀਵ-ਇਸਤ੍ਰੀ ਨੂੰ) ਉਹ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਜੋ ਸਦਾ ਕਾਇਮ ਰਹਿਣ ਵਾਲਾ ਹੈ, ਜੋ ਕਦੇ ਜੰਮਦਾ ਮਰਦਾ ਨਹੀਂ।੪।੧।੩।