ਸੂਹੀ ਮਹਲਾ ੩ ॥ ਹਰਿ ਜੀ ਸੂਖਮੁ ਅਗਮੁ ਹੈ ਕਿਤੁ ਬਿਧਿ ਮਿਲਿਆ ਜਾਇ ॥ ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥੧॥ ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥ ਹਉ ਤਿਨ ਕੈ ਬਲਿਹਾਰਣੈ ਮਨਿ ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥ਗੁਰੁ ਸਰਵਰੁ ਮਾਨ ਸਰੋਵਰੁ ਹੈ ਵਡਭਾਗੀ ਪੁਰਖ ਲਹੰਨ੍ਹ੍ਹਿ ॥ ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥੨॥ ਨਾਮੁ ਧਿਆਇਨ੍ਹ੍ਹਿ ਰੰਗ ਸਿਉ ਗੁਰਮੁਖਿ ਨਾਮਿ ਲਗੰਨ੍ਹ੍ਹਿ ॥ ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨ੍ਹ੍ਹਿ ॥੩॥ ਵਡਭਾਗੀ ਘਰੁ ਖੋਜਿਆ ਪਾਇਆ ਨਾਮੁ ਨਿਧਾਨੁ ॥ ਗੁਰਿ ਪੂਰੈ ਵੇਖਾਲਿਆ ਪ੍ਰਭੁ ਆਤਮ ਰਾਮੁ ਪਛਾਨੁ ॥੪॥ ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥ ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥੫॥ ਸਭੁ ਅੰਤਰਜਾਮੀ ਬ੍ਰਹਮੁ ਹੈ ਬ੍ਰਹਮੁ ਵਸੈ ਸਭ ਥਾਇ ॥ ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥੬॥ ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ ॥ ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥੭॥ ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥ ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥

ਅਰਥ: ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਸਦਾ ਪਰਮਾਤਮਾ ਦਾ ਨਾਮ ਜਪਦੇ ਹਨ। ਜੇਹੜੇ ਮਨੁੱਖ ਆਪਣੇ ਮਨ ਵਿਚ ਸਦਾ ਪਰਮਾਤਮਾ ਦੇ ਗੁਣ ਚੇਤੇ ਕਰਦੇ ਰਹਿੰਦੇ ਹਨ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ।੧।ਰਹਾਉ। ਹੇ ਭਾਈ! ਪਰਮਾਤਮਾ ਅਦ੍ਰਿਸ਼ਟ ਹੈ ਅਪਹੁੰਚ ਹੈ, (ਫਿਰ) ਉਸ ਨੂੰ ਕਿਸ ਤਰੀਕੇ ਨਾਲ ਮਿਲਿਆ ਜਾ ਸਕਦਾ ਹੈਹੇ ਭਾਈ! ਜਦੋਂ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਮਨੁੱਖ ਦੇ ਅੰਦਰੋਂ ਉਸ ਦੇ ਮਨ ਦੀ) ਭਟਕਣਾ ਕੱਟੀ ਜਾਂਦੀ ਹੈ, ਤਦੋਂ ਪਰਮਾਤਮਾ ਸਹਜ ਸੁਭਾਇ (ਆਪ ਹੀ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ।੧। ਹੇ ਭਾਈ! ਗੁਰੂ ਇਕ ਸੋਹਣਾ ਸਰ ਹੈ, ਮਾਨ-ਸਰੋਵਰ ਹੈ। ਵੱਡੇ ਭਾਗਾਂ ਵਾਲੇ ਮਨੁੱਖ ਉਸ ਨੂੰ ਲੱਭ ਲੈਂਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਜਿਨ੍ਹਾਂ ਸੇਵਕਾਂ ਨੇ ਭਾਲ ਕੀਤੀ, ਉਹ ਸੋਹਣੇ ਹੰਸ (-ਗੁਰਸਿੱਖ ਉਸ ਗੁਰੂ-ਮਾਨਸਰੋਵਰ ਵਿਚੋਂ) ਨਾਮ (-ਮੋਤੀ) ਲੱਭ ਲੈਂਦੇ ਹਨ।੨।

ਹੇ ਭਾਈ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰੇਮ ਨਾਲ ਪਰਮਾਤਮਾ ਦਾ ਨਾਮ ਸਿਮਰਦੇ ਹਨ, ਅਤੇ ਨਾਮ ਵਿਚ ਜੁੜੇ ਰਹਿੰਦੇ ਹਨ। ਜਿਨ੍ਹਾਂ ਮਨੁੱਖਾਂ ਦੇ ਭਾਗਾਂ ਵਿਚ ਧੁਰ ਦਰਗਾਹ ਤੋਂ ਪਹਿਲੇ ਹੀ ਇਹ ਲੇਖ ਲਿਖਿਆ ਹੁੰਦਾ ਹੈ, ਉਹੀ ਗੁਰੂ ਦੀ ਰਜ਼ਾ ਨੂੰ ਮੰਨਦੇ ਹਨ।੩। ਹੇ ਭਾਈ! ਜਿਨ੍ਹਾਂ ਵੱਡੇ ਭਾਗਾਂ ਵਾਲੇ ਮਨੁੱਖਾਂ ਨੇ ਆਪਣੇ ਹਿਰਦਾ-ਘਰ ਦੀ ਖੋਜ ਕੀਤੀ, ਉਹਨਾਂ (ਆਪਣੇ ਹਿਰਦੇ ਵਿਚੋਂ ਹੀ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲਿਆ। ਪੂਰੇ ਗੁਰੂ ਨੇ (ਉਹਨਾਂ ਨੂੰ ਉਹਨਾਂ ਦੇ ਅੰਦਰ ਹੀ ਉਹ ਨਾਮ-ਖ਼ਜ਼ਾਨਾ) ਵਿਖਾਲ ਦਿੱਤਾ। ਹੇ ਭਾਈ! ਤੂੰ ਭੀ (ਗੁਰੂ ਦੀ ਸਰਨ ਪੈ ਕੇ) ਉਸ ਸਰਬ-ਵਿਆਪਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ।੪।  ਹੇ ਭਾਈ! ਇਕ ਪਰਮਾਤਮਾ ਹੀ ਸਭ ਜੀਵਾਂ ਦਾ ਮਾਲਕ ਹੈ, ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ। ਗੁਰੂ ਦੀ ਕਿਰਪਾ ਨਾਲ (ਜਿਸ) ਮਨ ਵਿਚ ਆ ਵੱਸਦਾ ਹੈ, ਉਸ ਦੇ ਹਿਰਦੇ ਵਿਚ ਉਹ ਪ੍ਰਤੱਖ ਉੱਘੜ ਹੀ ਪੈਂਦਾ ਹੈ (ਉਸ ਮਨੁੱਖ ਦੇ ਜੀਵਨ ਵਿਚ ਸੁਚੱਜੀ ਤਬਦੀਲੀ ਆ ਜਾਂਦੀ ਹੈ

ਹੇ ਭਾਈ! ਇਹ ਸਾਰਾ ਜਗਤ-ਆਕਾਰ ਉਸ ਅੰਤਰਜਾਮੀ ਪਰਮਾਤਮਾ ਦਾ ਸਰੂਪ ਹੈ। ਹਰੇਕ ਥਾਂ ਵਿਚ ਹੀ ਪਰਮਾਤਮਾ ਵੱਸ ਰਿਹਾ ਹੈ। ਹੇ ਭਾਈ! ਗੁਰੂ ਦੇ ਸ਼ਬਦ ਵਿਚ ਸੁਰਤਿ ਜੋੜ ਕੇ ਵੇਖੋ (ਹਰੇਕ ਥਾਂ ਉਹੀ ਦਿੱਸੇਗਾ। ਜਦੋਂ ਹਰੇਕ ਥਾਂ ਉਹੀ ਦਿੱਸੇ ਪਏ, ਤਾਂ) ਕਿਸੇ ਨੂੰ ਭੈੜਾ ਆਖਿਆ ਨਹੀਂ ਜਾ ਸਕਦਾਹੇ ਭਾਈ! ਮਨੁੱਖ ਉਤਨਾ ਚਿਰ ਹੀ ਕਿਸੇ ਹੋਰ ਨੂੰ ਚੰਗਾ ਜਾਂ ਮੰਦਾ ਆਖਦਾ ਹੈ ਜਿਤਨਾ ਚਿਰ ਉਹ ਆਪ ਮੇਰ-ਤੇਰ ਵਿਚ ਰਹਿੰਦਾ ਹੈ। ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ, ਉਹ (ਹਰ ਥਾਂ) ਇਕ ਪ੍ਰਭੂ ਨੂੰ ਹੀ (ਵੱਸਦਾਸਮਝਦਾ ਹੈ, ਉਹ ਇਕ ਪਰਮਾਤਮਾ ਵਿਚ ਹੀ ਲੀਨ ਰਹਿੰਦਾ ਹੈਹੇ ਭਾਈ! ਉਹੀ ਸੇਵਾ-ਭਗਤੀ ਪ੍ਰਭੂ ਨੂੰ ਪਸੰਦ ਆਉਂਦੀ ਹੈ, ਜੇਹੜੀ ਪ੍ਰਭੂ ਕਬੂਲ ਕਰਦਾ ਹੈ। ਹੇ ਦਾਸ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਗੁਰੂ ਦੇ ਚਰਨਾਂ ਵਿਚ ਚਿੱਤ ਜੋੜ ਕੇ ਪਰਮਾਤਮਾ ਦਾ ਆਰਾਧਨ ਕਰਦੇ ਹਨ