ਗਉੜੀ ਮਹਲਾ ੫ ॥

ਸੋ ਕਿਛੁ ਕਰਿ ਜਿਤੁ ਮੈਲੁ ਨ ਲਾਗੈ ॥ ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥੧॥ ਰਹਾਉ ॥ ਏਕੋ ਸਿਮਰਿ ਨ ਦੂਜਾ ਭਾਉ ॥ ਸੰਤਸੰਗਿ ਜਪਿ ਕੇਵਲ ਨਾਉ ॥੧॥ ਕਰਮ ਧਰਮ ਨੇਮ ਬ੍ਰਤ ਪੂਜਾ ॥ ਪਾਰਬ੍ਰਹਮ ਬਿਨੁ ਜਾਨੁ ਨ ਦੂਜਾ ॥੨॥ ਤਾ ਕੀ ਪੂਰਨ ਹੋਈ ਘਾਲ ॥ ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥੩॥ ਸੋ ਬੈਸਨੋ ਹੈ ਅਪਰ ਅਪਾਰੁ ॥ ਕਹੁ ਨਾਨਕ ਜਿਨਿ ਤਜੇ ਬਿਕਾਰੁ ॥੪॥੯੬॥੧੬੫॥

ਉਹ (ਧਾਰਮਿਕ) ਉੱਦਮ ਕਰ, ਜਿਸ ਦੇ ਕਰਨ ਨਾਲ ਤੇਰੇ ਮਨ ਨੂੰ ਵਿਕਾਰਾਂ ਦੀ ਮੈਲ ਨ ਲੱਗ ਸਕੇ, ਤੇ ਤੇਰਾ ਇਹ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਟਿਕ ਕੇ (ਵਿਕਾਰਾਂ ਦੇ ਹੱਲਿਆਂ ਵਲੋਂ) ਸੁਚੇਤ ਰਹੇ ॥੧॥ ਰਹਾਉ॥ ਸਿਰਫ਼ ਇਕ ਪਰਮਾਤਮਾ ਦਾ ਨਾਮ ਜਪ, ਕਿਸੇ ਹੋਰ ਦਾ ਪਿਆਰ (ਆਪਣੇ ਮਨ ਵਿਚ) ਨਾਹ ਲਿਆ। ਸਾਧ ਸੰਗਤ ਵਿਚ ਟਿਕ ਕੇ ਸਿਰਫ਼ ਪਰਮਾਤਮਾ ਦਾ ਨਾਮ ਜਪਿਆ ਕਰ ॥੧॥ (ਮਿਥੇ ਹੋਏ) ਧਾਰਮਿਕ ਕਰਮ, ਵਰਤ ਪੂਜਾ ਆਦਿਕ (ਬਣਾਏ ਹੋਏ) ਨੇਮ-ਪਰਮਾਤਮਾ ਦੇ ਸਿਮਰਨ ਤੋਂ ਬਿਨਾ ਅਜੇਹੇ ਕਿਸੇ ਦੂਜੇ ਕੰਮ ਨੂੰ (ਉੱਚੇ ਆਤਮਕ ਜੀਵਨ ਵਾਸਤੇ ਸਹਾਇਕ) ਨਾਹ ਸਮਝ ॥੨॥  (ਸਿਰਫ਼) ਉਸ ਮਨੁੱਖ ਦੀ ਮਿਹਨਤ ਸਫਲ ਹੁੰਦੀ ਹੈ, ਜਿਸ ਦੀ ਪ੍ਰੀਤਿ ਆਪਣੇ ਪਰਮਾਤਮਾ ਦੇ ਨਾਲ ਬਣੀ ਹੋਈ ਹੈ ॥੩॥ (ਕਰਮ ਧਰਮ ਨੇਮ ਬ੍ਰਤ ਪੂਜਾ ਕਰਨ ਵਾਲਾ ਮਨੁੱਖ ਅਸਲ ਬੈਸਨੋ ਨਹੀਂ ਹੈ) ਉਹ ਬੈਸਨੋ ਪਰੇ ਤੋਂ ਪਰੇ ਤੇ ਸ੍ਰੇਸ਼ਟ ਹੈ, ਹੇ ਨਾਨਕ! ਜਿਸ ਨੇ (ਸਾਧ ਸੰਗਤ ਵਿਚ ਟਿਕ ਕੇ ਸਿਮਰ ਦੀ ਬਰਕਤਿ ਨਾਲ ਆਪਣੇ ਅੰਦਰੋਂ) ਸਾਰੇ ਵਿਕਾਰ ਦੂਰ ਕਰ ਲਏ ਹਨ ॥੪॥੯੬॥੧੬੫॥