Select Page

ਬਿਲਾਵਲੁ ਮਹਲਾ ੫ ॥ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥ ਮੋਹਿ ਅਨਾਥ ਤੁਮਰੀ ਸਰਣਾਈ ॥ ਕਰਿ ਕਿਰਪਾ ਹਰਿ ਚਰਨ ਧਿਆਈ ॥੧॥ ਦਇਆ ਕਰਹੁ ਬਸਹੁ ਮਨਿ ਆਇ ॥ ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥ ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥ ਹਰਿ ਸੇਵਕ ਨਾਹੀ ਜਮ ਪੀੜ ॥ ਸਰਬ ਦੂਖ ਹਰਿ ਸਿਮਰਤ ਨਸੇ ॥ ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥ ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥ ਬਿਸਰਤ ਨਾਮੁ ਹੋਵਤ ਤਨੁ ਛਾਰੁ ॥ ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥ ਹਰਿ ਬਿਸਰਤ ਸਭ ਕਾ ਮੁਹਤਾਜ ॥੩॥ ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥ ਬਿਸਰਿ ਗਈ ਸਭ ਦੁਰਮਤਿ ਰੀਤਿ ॥ ਮਨ ਤਨ ਅੰਤਰਿ ਹਰਿ ਹਰਿ ਮੰਤ ॥ ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥ {ਅੰਗ 802}

ਅਰਥ: ਹੇ ਪ੍ਰਭੂ! ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ। ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ।ਰਹਾਉ। ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਮੈਂ ਅਨਾਥ ਤੇਰੀ ਸਰਨ ਆਇਆ ਹਾਂ। ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।੧। ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ। ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ। ਜਿਸ ਮਨੁੱਖ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ, ਨਾਮ ਸਿਮਰਿਆਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।

ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ, ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ।੩।

ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ-) ਰਵਈਆ ਭੁੱਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ੪।੩।