ਸਤਗੁਰ ਦਇਆ ਕਰਹੁ ਹਰਿ ਮੇਲਹੁ ਮੇਰੇ ਪ੍ਰੀਤਮ ਪ੍ਰਾਣ ਹਰਿ ਰਾਇਆ ॥ ਹਮ ਚੇਰੀ ਹੋਇ ਲਗਹ ਗੁਰ ਚਰਣੀ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਾਇਆ ॥੧॥ ਰਾਮ ਮੈ ਹਰਿ ਹਰਿ ਨਾਮੁ ਮਨਿ ਭਾਇਆ ॥ ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥੧॥ ਰਹਾਉ ॥ ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥ ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥੨॥ ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥ ਨਾਮਹੀਣ ਫਿਰਹਿ ਸੇ ਨਕਟੇ ਤਿਨ ਘਸਿ ਘਸਿ ਨਕ ਵਢਾਇਆ ॥੩॥ ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥ ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥੪॥੫॥
ਅਰਥ : ਹੇ ਹਰੀ! ਹੇ ਮੇਰੇ ਪ੍ਰੀਤਮ! ਹੇ ਮੇਰੀ ਜਿੰਦ ਦੇ ਪਾਤਿਸ਼ਾਹ! ਮੇਹਰ ਕਰ, ਮੈਨੂੰ ਗੁਰੂ ਮਿਲਾ। ਹੇ ਭਾਈ! ਜਿਸ ਗੁਰੂ ਨੇ (ਸਦਾ) ਪਰਮਾਤਮਾ ਦੇ ਮਿਲਾਪ ਦਾ ਰਸਤਾ ਵਿਖਾਇਆ ਹੈ, ਮੈਂ ਉਸ ਦਾ ਦਾਸ ਬਣ ਕੇ ਉਸ ਦੇ ਚਰਨਾਂ ਉੱਤੇ ਡਿੱਗਾ ਰਹਾਂ ॥੧॥ ਹੇ (ਮੇਰੇ) ਰਾਮ! ਹੇ ਹਰੀ! ਮੇਰੇ ਮਨ ਵਿਚ ਤੇਰਾ ਨਾਮ ਪਿਆਰਾ ਲੱਗਦਾ ਹੈ। ਹੇ ਭਾਈ! ਪਰਮਾਤਮਾ ਤੋਂ ਬਿਨਾ ਮੈਨੂੰ ਕੋਈ ਹੋਰ ਮਦਦਗਾਰ ਨਹੀਂ ਦਿੱਸਦਾ। ਪਰਮਾਤਮਾ ਹੀ ਮੇਰੀ ਮਾਂ ਹੈ, ਪਰਮਾਤਮਾ ਹੀ ਮੇਰਾ ਪਿਉ ਹੈ, ਪਰਮਾਤਮਾ ਹੀ ਮੇਰਾ ਸਾਥੀ ਹੈ ॥੧॥ ਰਹਾਉ ॥ ਹੇ ਮੇਰੀ ਮਾਂ! ਪ੍ਰੀਤਮ (ਗੁਰੂ ਦੇ ਮਿਲਾਪ) ਤੋਂ ਬਿਨਾ ਮੇਰੀ ਜਿੰਦ ਇਕ ਖਿਨ ਵਾਸਤੇ ਭੀ ਨਹੀਂ ਰਹਿ ਸਕਦੀ, ਗੁਰੂ ਦਾ ਦਰਸ਼ਨ ਕਰਨ ਤੋਂ ਬਿਨਾ ਮੇਰੀ (ਆਤਮਕ) ਮੌਤ ਹੁੰਦੀ ਹੈ। ਉਹ ਮਨੁੱਖ ਧੰਨ ਹਨ ਧੰਨ ਹਨ, ਵੱਡੇ ਭਾਗਾਂ ਵਾਲੇ ਹਨ, ਜੇਹੜੇ ਗੁਰੂ ਦੀ ਸਰਨ ਆ ਪੈਂਦੇ ਹਨ। ਗੁਰੂ ਨੂੰ ਮਿਲ ਕੇ ਉਹਨਾਂ ਨੇ ਪਰਮਾਤਮਾ ਦਾ ਦਰਸ਼ਨ ਕਰ ਲਿਆ ਹੈ ॥੨॥ (ਹੇ ਮੇਰੀ ਮਾਂ! ਪ੍ਰਭੂ ਦੇ ਨਾਮ ਦੇ ਜਾਪ ਤੋਂ ਬਿਨਾ) ਮੈਨੂੰ ਕੋਈ ਭੀ ਹੋਰ ਕੰਮ ਨਹੀਂ ਸੁੱਝਦਾ (ਚੰਗਾ ਨਹੀਂ ਲੱਗਦਾ)। ਜਿਵੇਂ ਗੁਰੂ ਜਪਣ ਲਈ ਪ੍ਰੇਰਦਾ ਹੈ, ਮੈਂ ਆਪਣੇ ਮਨ ਵਿਚ ਪ੍ਰਭੂ ਦਾ ਨਾਮ ਦਾ ਜਾਪ ਹੀ ਜਪਦਾ ਹਾਂ। ਹੇ ਭਾਈ! ਜੇਹੜੇ ਮਨੁੱਖ ਨਾਮ ਤੋਂ ਵਾਂਜੇ ਰਹਿੰਦੇ ਹਨ, ਉਹ ਬੇਸ਼ਰਮਾਂ ਵਾਂਗ (ਦੁਨੀਆ ਵਿਚ) ਤੁਰੇ ਫਿਰਦੇ ਹਨ, ਉਹ ਅਨੇਕਾਂ ਵਾਰੀ ਬੇ-ਇੱਜ਼ਤੀ ਕਰਾ ਕੇ ਖ਼ੁਆਰ ਹੁੰਦੇ ਹਨ ॥੩॥ ਹੇ ਜਗਤ ਦੇ ਜੀਵਨ-ਪ੍ਰਭੂ! ਹੇ ਮੇਰੇ ਮਾਲਕ-ਪ੍ਰਭੂ! ਮੇਰੇ ਹਿਰਦੇ ਵਿਚ ਆਪਣਾ ਨਾਮ ਵਸਾਈ ਰੱਖ, ਤੇ, ਮੈਨੂੰ ਆਤਮਕ ਜੀਵਨ ਬਖ਼ਸ਼ੀ ਰੱਖ ਹੇ ਨਾਨਕ! (ਇਹ ਨਾਮ ਦੀ ਦਾਤ ਦੇਣ-ਜੋਗਾ) ਗੁਰੂ ਪੂਰਾ ਹੀ ਹੈ ਗੁਰੂ ਪੂਰਾ ਹੀ ਹੈ। ਗੁਰੂ ਨੂੰ ਮਿਲ ਕੇ ਹੀ ਪ੍ਰਭੂ ਦਾ ਨਾਮ ਸਿਮਰਿਆ ਜਾ ਸਕਦਾ ਹੈ ॥੪॥੫॥