ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ॥
ੴ ਸਤਿਗੁਰ ਪ੍ਰਸਾਦਿ ॥
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥
ਜੀਉ ਪਿੰਡੁ ਜਿਨਿ ਸਾਜਿਆ ਭਾਈ ਦੇ ਕਰਿ ਅਪਣੀ ਵਥੁ ॥

ਵਿਆਖਿਆ :- ਹੇ ਭਾਈ! ਜਿਸ ਪਰਮਾਤਮਾ ਨੇ ਆਪ ਹੀ ਸਾਰਾ ਜਗਤ ਪੈਦਾ ਕੀਤਾ ਹੈ , ਜੋ ਸਾਰੇ ਜਗਤ ਦਾ ਮੂਲ ਹੈ, ਜੋ ਸਾਰੀਆਂ ਤਾਕਤਾਂ ਦਾ ਮਾਲਕ ਹੈ ,ਜਿਸ ਨੇ ਆਪਣੀ ਸੱਤਿਆ ਦੇ ਕੇ ( ਮਨੁੱਖ ਦਾ) ਜਿੰਦ ਤੇ ਸਰੀਰ ਪੈਦਾ ਕੀਤਾ ਹੈ , ਉਹ ਕਰਤਾਰ(ਤਾਂ) ਕਿਸੇ ਪਾਸੋਂ ਭੀ ਬਿਆਨ ਨਹੀਂ ਕੀਤਾ ਜਾ ਸਕਦਾ । ਹੇ ਭਾਈ! ਉਹ ਕਰਤਾਰ ਦਾ ਸਰੂਪ ਦਸਿਆ ਨਹੀਂ ਜਾ ਸਕਦਾ । ਉਸ ਨੂੰ ਕਿਵੇਂ ਵੇਖਿਆ ਜਾਏ? ਹੇ ਭਾਈ! ਗੋਬਿੰਧ ਦੇ ਰੂਪ ਗੁਰੂ ਦੀ ਸਿਫ਼ਤਿ ਕਰਨੀ ਚਾਹੀਦੀ ਹੈ , ਕਿਉਂਕਿ ਗੁਰੂ ਪਾਸੋਂ ਹੀ ਸਾਰੇ ਜਗਤ ਦੇ ਮੂਲ ਪਰਮਾਤਮਾ ਦੀ ਸੂਝ ਪੈ ਸਕਦੀ ਹੈ ।