ਸੂਹੀ ਮਹਲਾ ੫ ॥ ਕੀਤਾ ਲੋੜਹਿ ਸੋ ਪ੍ਰਭ ਹੋਇ ॥ ਤੁਝ ਬਿਨੁ ਦੂਜਾ ਨਾਹੀ ਕੋਇ ॥ ਜੋ ਜਨੁ ਸੇਵੇ ਤਿਸੁ ਪੂਰਨ ਕਾਜ ॥ ਦਾਸ ਅਪੁਨੇ ਕੀ ਰਾਖਹੁ ਲਾਜ ॥੧॥ ਤੇਰੀ ਸਰਣਿ ਪੂਰਨ ਦਇਆਲਾ ॥ ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥੧॥ ਰਹਾਉ ॥ ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥ ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥ ਲੋਕ ਪਤੀਆਰੈ ਕਛੂ ਨ ਪਾਈਐ ॥ ਸਾਚਿ ਲਗੈ ਤਾ ਹਉਮੈ ਜਾਈਐ ॥੨॥ ਜਿਸ ਨੋ ਲਾਇ ਲਏ ਸੋ ਲਾਗੈ ॥ ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥ ਦੁਰਮਤਿ ਜਾਇ ਪਰਮ ਪਦੁ ਪਾਏ ॥ ਗੁਰ ਪਰਸਾਦੀ ਨਾਮੁ ਧਿਆਏ ॥੩॥ ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥ ਕਰਿ ਕਿਰਪਾ ਅਪਨੀ ਭਗਤੀ ਲਾਇ ॥ ਜਨ ਨਾਨਕ ਪ੍ਰਭੁ ਸਦਾ ਧਿਆਇ ॥੪॥੨॥

ਅਰਥ: ਹੇ ਸਦਾ ਦਇਆਵਾਨ ਰਹਿਣ ਵਾਲੇ ਪ੍ਰਭੂਮੈਂ ਤੇਰੀ ਸਰਨ ਆਇਆ ਹਾਂ। ਤੈਥੋਂ ਬਿਨਾ ਅਸਾਂ ਜੀਵਾਂ ਦੀ ਪਾਲਣਾ ਹੋਰ ਕੋਈ ਨਹੀਂ ਕਰ ਸਕਦਾ।੧।ਰਹਾਉ। ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ। (ਜਗਤ ਵਿਚ) ਉਹੀ ਕੁਝ ਹੁੰਦਾ ਹੈ, (ਕਿਉਂਕਿ) ਤੈਥੋਂ ਬਿਨਾ (ਕੁਝ ਕਰ ਸਕਣ ਵਾਲਾ) ਹੋਰ ਕੋਈ ਨਹੀਂ ਹੈ। ਜੇਹੜਾ ਸੇਵਕ ਤੇਰੀ ਸਰਨ ਆਉਂਦਾ ਹੈ, ਉਸ ਦੇ ਸਾਰੇ ਕੰਮ ਸਫਲ ਹੋ ਜਾਂਦੇ ਹਨ। ਤੂੰ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈਂ।੧। ਹੇ ਭਾਈ! ਪਾਣੀ ਵਿਚਧਰਤੀ ਵਿਚ, ਆਕਾਸ਼ ਵਿਚ, ਹਰ ਥਾਂ ਪਰਮਾਤਮਾ ਮੌਜੂਦ ਹੈ। (ਹਰੇਕ ਜੀਵ ਦੇ) ਨੇੜੇ ਵੱਸਦਾ ਹੈ (ਕਿਸੇ ਤੋਂ ਭੀਪ੍ਰਭੂ ਦੂਰ ਨਹੀਂ ਹੈ। ਪਰ ਨਿਰਾ ਲੋਕਾਂ ਦੀਆਂ ਨਜ਼ਰਾਂ ਵਿਚ ਚੰਗਾ ਬਣਨ ਨਾਲ (ਉਸ ਪਰਮਾਤਮਾ ਦੇ ਦਰ ਤੋਂ ਆਤਮਕ ਜੀਵਨ ਦੀ ਦਾਤਿ ਦਾ) ਕੁਝ ਭੀ ਨਹੀਂ ਮਿਲਦਾ। ਜਦੋਂ ਮਨੁੱਖ ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੁੰਦਾ ਹੈ, ਤਦੋਂ (ਇਸ ਦੇ ਅੰਦਰੋਂ) ਹਉਮੈ ਦੂਰ ਹੋ ਜਾਂਦੀ ਹੈ।੨।

ਹੇ ਭਾਈ! ਉਹੀ ਮਨੁੱਖ ਪ੍ਰਭੂ (ਦੇ ਚਰਨਾਂ) ਵਿਚ ਲੀਨ ਹੁੰਦਾ ਹੈਜਿਸ ਨੂੰ ਪ੍ਰਭੂ ਆਪ (ਆਪਣੇ ਚਰਨਾਂ ਵਿਚਜੋੜਦਾ ਹੈ। ਉਸ ਮਨੁੱਖ ਦੇ ਅੰਦਰ ਰਤਨ (ਵਰਗੀ ਕੀਮਤੀ) ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ। (ਉਸ ਮਨੁੱਖ ਦੇ ਅੰਦਰੋਂ) ਖੋਟੀ ਮਤਿ ਦੂਰ ਹੋ ਜਾਂਦੀ ਹੈ, ਉਹ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ। ਗੁਰੂ ਦੀ ਕਿਰਪਾ ਨਾਲ ਉਹ ਪਰਮਾਤਮਾ ਦਾ ਨਾਮ ਸਿਮਰਦਾ ਰਹਿੰਦਾ ਹੈ।੩। ਹੇ ਦਾਸ ਨਾਨਕ! ਆਖ-ਹੇ ਪ੍ਰਭੂ!) ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ। ਜਦੋਂ ਤੈਨੂੰ ਚੰਗਾ ਲੱਗੇ (ਤੇਰੀ ਰਜ਼ਾ ਹੋਵੇ) ਤਦੋਂ ਹੀ ਤੂੰ ਉਸ ਅਰਦਾਸ ਨੂੰ ਸਫਲ ਕਰਦਾ ਹੈਂ। ਹੇ ਭਾਈ! ਕਿਰਪਾ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਭਗਤੀ ਵਿਚ ਜੋੜਦਾ ਹੈ, ਉਹ ਉਸ ਨੂੰ ਸਦਾ ਸਿਮਰਦਾ ਰਹਿੰਦਾ ਹੈ।੪।੨।