ਸੂਹੀ ॥ ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥ ਸੰਗੁ ਚਲਤ ਹੈ ਹਮ ਭੀ ਚਲਨਾ ॥ ਦੂਰਿ ਗਵਨੁ ਸਿਰ ਊਪਰਿ ਮਰਨਾ ॥੧॥ ਕਿਆ ਤੂ ਸੋਇਆ ਜਾਗੁ ਇਆਨਾ ॥ ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥੧॥ ਰਹਾਉ ॥ ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥ ਸਭ ਘਟ ਭੀਤਰਿ ਹਾਟੁ ਚਲਾਵੈ ॥ ਕਰਿ ਬੰਦਿਗੀ ਛਾਡਿ ਮੈ ਮੇਰਾ ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾ ॥੨॥ ਜਨਮੁ ਸਿਰਾਨੋ ਪੰਥੁ ਨ ਸਵਾਰਾ ॥ ਸਾਂਝ ਪਰੀ ਦਹ ਦਿਸ ਅੰਧਿਆਰਾ ॥ ਕਹਿ ਰਵਿਦਾਸ ਨਿਦਾਨਿ ਦਿਵਾਨੇ ॥ ਚੇਤਸਿ ਨਾਹੀ ਦੁਨੀਆ ਫਨ ਖਾਨੇ ॥੩॥੨॥ {ਅੰਗ- 793-794}

ਅਰਥ: (ਮਨੁੱਖ ਦੀ ਜ਼ਿੰਦਗੀ ਵਿਚ) ਜੇਹੜੇ ਜੇਹੜੇ ਦਿਨ ਆਉਂਦੇ ਹਨ, ਉਹ ਦਿਨ (ਅਸਲ ਵਿਚ ਨਾਲੋ ਨਾਲ) ਲੰਘਦੇ ਜਾਂਦੇ ਹਨ (ਭਾਵ, ਉਮਰ ਵਿਚੋਂ ਘਟਦੇ ਜਾਂਦੇ ਹਨ) , (ਇਥੋਂ ਹਰੇਕ ਨੇ) ਕੂਚ ਕਰ ਜਾਣਾ ਹੈ (ਕਿਸੇ ਦੀ ਭੀ ਇਥੇ) ਸਦਾ ਦੀ ਰਿਹੈਸ਼ ਨਹੀਂ ਹੈ। ਅਸਾਡਾ ਸਾਥ ਤੁਰਿਆ ਜਾ ਰਿਹਾ ਹੈ, ਅਸਾਂ ਭੀ (ਇਥੋਂ) ਤੁਰ ਜਾਣਾ ਹੈਇਹ ਦੂਰ ਦੀ ਮੁਸਾਫ਼ਰੀ ਹੈ ਤੇ ਮੌਤ ਸਿਰ ਉਤੇ ਖਲੋਤੀ ਹੈ (ਪਤਾ ਨਹੀਂ ਕੇਹੜੇ ਵੇਲੇ ਆ ਜਾਏ੧।

ਹੇ ਅੰਞਾਣ! ਹੋਸ਼ ਕਰ। ਤੂੰ ਕਿਉਂ ਸੌਂ ਰਿਹਾ ਹੈਂਤੂੰ ਜਗਤ ਵਿਚ ਇਸ ਜੀਊਣ ਨੂੰ ਸਦਾ ਕਾਇਮ ਰਹਿਣ ਵਾਲਾ ਸਮਝ ਬੈਠਾ ਹੈਂ।੧।ਰਹਾਉ। (ਤੂੰ ਹਰ ਵੇਲੇ ਰਿਜ਼ਕ ਦੇ ਹੀ ਫ਼ਿਕਰ ਵਿਚ ਰਹਿੰਦਾ ਹੈਂ, ਵੇਖ) ਜਿਸ ਪ੍ਰਭੂ ਨੇ ਜਿੰਦ ਦਿੱਤੀ ਹੈ, ਉਹ ਰਿਜ਼ਕ ਭੀ ਅਪੜਾਉਂਦਾ ਹੈ, ਸਾਰੇ ਸਰੀਰਾਂ ਵਿਚ ਬੈਠਾ ਹੋਇਆ ਉਹ ਆਪ ਰਿਜ਼ਕ ਦਾ ਆਹਰ ਪੈਦਾ ਕਰ ਰਿਹਾ ਹੈ। ਮੈਂ (ਇਤਨਾ ਵੱਡਾ ਹਾਂ) ਮੇਰੀ (ਇਤਨੀ ਮਲਕੀਅਤ ਹੈ) –ਛੱਡ ਇਹ ਗੱਲਾਂ, ਪ੍ਰਭੂ ਦੀ ਬੰਦਗੀ ਕਰ, ਹੁਣ ਵੇਲੇ-ਸਿਰ ਉਸ ਦਾ ਨਾਮ ਆਪਣੇ ਹਿਰਦੇ ਵਿਚ ਸਾਂਭ।੨।

ਉਮਰ ਮੁੱਕਣ ਤੇ ਆ ਰਹੀ ਹੈ, ਪਰ ਤੂੰ ਆਪਣਾ ਰਾਹ ਸੁਚੱਜਾ ਨਹੀਂ ਬਣਾਇਆਸ਼ਾਮ ਪੈ ਰਹੀ ਹੈ, ਦਸੀਂ ਪਾਸੀਂ ਹਨੇਰਾ ਹੀ ਹਨੇਰਾ ਹੋਣ ਵਾਲਾ ਹੈ। ਰਵਿਦਾਸ ਆਖਦਾ ਹੈ-ਹੇ ਕਮਲੇ ਮਨੁੱਖ! ਤੂੰ ਪ੍ਰਭੂ ਨੂੰ ਯਾਦ ਨਹੀਂ ਕਰਦਾ, ਦੁਨੀਆ (ਜਿਸ ਦੇ ਨਾਲ ਤੂੰ ਮਨ ਜੋੜੀ ਬੈਠਾ ਹੈਂ) ਅੰਤ ਨੂੰ ਨਾਸ ਹੋ ਜਾਣ ਵਾਲੀ ਹੈ।੩।੨।