ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ {ਅੰਗ- 732}

ਅਰਥ: ਹੇ ਭਾਈ! ਜੇਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈਉਸ ਦਾ ਮਨ ਆਤਮਕ ਆਨੰਦ ਮਾਣਦਾ ਰਹਿੰਦਾ ਹੈ। ਉਹ ਮਨੁੱਖ ਦਿਨ ਰਾਤ ਹਰ ਵੇਲੇ ਆਨੰਦ ਵਿਚ ਮਗਨ ਰਹਿੰਦਾ ਹੈਉਹ ਪੂਰੇ ਗੁਰੂ ਦੀ ਬਾਣੀ ਵਿਚ ਲੀਨ ਰਹਿੰਦਾ ਹੈ।੧।ਰਹਾਉ। ਹੇ ਭਾਈ! ਪਰਮਾਤਮਾ ਜਿਸ ਮਨੁੱਖ ਉਤੇ ਮੇਹਰ ਕਰਦਾ ਹੈ, ਉਸ ਦੇ ਮਨ ਵਿਚ (ਆਪਣੇ ਚਰਨਾਂ ਦਾ) ਪਿਆਰ ਪੈਦਾ ਕਰਦਾ ਹੈ। ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦੇ ਨਾਮ ਵਿਚ ਸਦਾ ਲੀਨ ਰਹਿੰਦਾ ਹੈ।੧। ਹੇ ਭਾਈ! ਉਂਞ ਤਾਂਹਰੇਕ ਮਨੁੱਖ ਪ੍ਰਭੂ (ਚਰਨਾਂ) ਦੇ ਪਿਆਰ ਦੀ ਖ਼ਾਤਰ ਤਰਲੇ ਲੈਂਦਾ ਹੈ, ਪਰ ਗੁਰੂ ਦੀ ਸਰਨ ਪਿਆਂ ਹੀ (ਮਨ ਉਤੇ ਪ੍ਰੇਮ ਦਾ) ਗੂੜ੍ਹਾ ਰੰਗ ਚੜ੍ਹਦਾ ਹੈ।੨।

ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮੂਰਖ ਮਨੁੱਖ ਪਿਆਰ ਤੋਂ ਸੱਖਣੇ ਹਿਰਦੇ ਵਾਲਾ ਹੀ ਰਹਿੰਦਾ ਹੈ। ਅਜੇਹਾ ਮਨੁੱਖ ਜੇ ਸੌ ਵਾਰੀ ਭੀ ਤਾਂਘ ਕਰੇ, ਉਸ ਨੂੰ (ਪ੍ਰਭੂ ਦੇ ਪਿਆਰੇ ਦਾ) ਰੰਗ ਨਹੀਂ ਚੜ੍ਹ ਸਕਦਾ।੩। ਹੇ ਨਾਨਕ! ਆਖ-ਜਦੋਂ ਪਰਮਾਤਮਾ ਕਿਸੇ ਮਨੁੱਖ ਉੱਤੇ) ਮੇਹਰ ਦੀ ਨਿਗਾਹ ਕਰਦਾ ਹੈ, ਤਾਂ ਉਹ ਗੁਰੂ (ਦਾ ਮਿਲਾਪਪ੍ਰਾਪਤ ਕਰਦਾ ਹੈ, (ਫਿਰ ਉਹ) ਪਰਮਾਤਮਾ ਦੇ ਨਾਮ-ਰਸ ਵਿਚ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਮਾਇਆ ਰਹਿੰਦਾ ਹੈ।੪।੨।੬।