ਰਾਗੁ ਸੂਹੀ ਅਸਟਪਦੀਆ ਮਹਲਾ ੧ ਘਰੁ ੧ ੴ ਸਤਿਗੁਰ ਪ੍ਰਸਾਦਿ ॥ ਸਭਿ ਅਵਗਣ ਮੈ ਗੁਣੁ ਨਹੀ ਕੋਈ ॥ ਕਿਉ ਕਰਿ ਕੰਤ ਮਿਲਾਵਾ ਹੋਈ ॥੧॥ ਨਾ ਮੈ ਰੂਪੁ ਨ ਬੰਕੇ ਨੈਣਾ ॥ ਨਾ ਕੁਲ ਢੰਗੁ ਨ ਮੀਠੇ ਬੈਣਾ ॥੧॥ ਰਹਾਉ ॥ ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥ ਨਾ ਤਿਸੁ ਰੂਪੁ ਨ ਰੇਖਿਆ ਕਾਈ ॥ ਅੰਤਿ ਨ ਸਾਹਿਬੁ ਸਿਮਰਿਆ ਜਾਈ ॥੩॥ ਸੁਰਤਿ ਮਤਿ ਨਾਹੀ ਚਤੁਰਾਈ ॥ ਕਰਿ ਕਿਰਪਾ ਪ੍ਰਭ ਲਾਵਹੁ ਪਾਈ ॥੪॥ ਖਰੀ ਸਿਆਣੀ ਕੰਤ ਨ ਭਾਣੀ ॥ ਮਾਇਆ ਲਾਗੀ ਭਰਮਿ ਭੁਲਾਣੀ ॥੫॥ ਹਉਮੈ ਜਾਈ ਤਾ ਕੰਤ ਸਮਾਈ ॥ ਤਉ ਕਾਮਣਿ ਪਿਆਰੇ ਨਵ ਨਿਧਿ ਪਾਈ ॥੬॥ ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥ ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥੭॥ ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥ {ਪੰਨਾ 750}
ਅਰਥ: ਨਾਹ ਮੇਰੀ (ਸੋਹਣੀ) ਸ਼ਕਲ ਹੈ, ਨਾਹ ਮੇਰੀਆਂ ਸੋਹਣੀਆਂ ਅੱਖਾਂ ਹਨ, ਨਾਹ ਹੀ ਚੰਗੀ ਕੁਲ ਵਾਲਿਆਂ ਵਾਲਾ ਮੇਰਾ ਚੱਜ-ਆਚਾਰ ਹੈ, ਨਾਹ ਹੀ ਮੇਰੀ ਬੋਲੀ ਮਿੱਠੀ ਹੈ (ਮੈਂ ਫਿਰ ਕਿਵੇਂ ਪਤੀ-ਪ੍ਰਭੂ ਨੂੰ ਖ਼ੁਸ਼ ਕਰ ਸਕਾਂਗੀ?) ।੧।ਰਹਾਉ। ਮੇਰੇ ਅੰਦਰ ਸਾਰੇ ਔਗੁਣ ਹੀ ਹਨ, ਗੁਣ ਇੱਕ ਭੀ ਨਹੀਂ (ਇਸ ਹਾਲਤ ਵਿਚ) ਮੈਨੂੰ ਖਸਮ-ਪ੍ਰਭੂ ਦਾ ਮਿਲਾਪ ਕਿਵੇਂ ਹੋ ਸਕਦਾ ਹੈ?।੧। ਜੇਹੜੀ ਜੀਵ-ਇਸਤ੍ਰੀ ਅਡੋਲ ਆਤਮਕ ਅਵਸਥਾ ਵਿਚ (ਟਿਕਦੀ ਹੈ, ਤੇ ਇਹ) ਹਾਰ ਸਿੰਗਾਰ ਕਰ ਕੇ (ਪ੍ਰਭੂ-ਪਤੀ ਦੇ ਦਰ ਤੇ) ਆਉਂਦੀ ਹੈ (ਉਹ ਪਤੀ-ਪ੍ਰਭੂ ਨੂੰ ਚੰਗੀ ਲੱਗਦੀ ਹੈ, ਤੇ) ਤਦੋਂ ਹੀ ਜੀਵ-ਇਸਤ੍ਰੀ ਭਾਗਾਂ ਵਾਲੀ ਹੈ ਜਦੋਂ ਉਹ ਕੰਤ-ਪ੍ਰਭੂ ਨੂੰ ਪਸੰਦ ਆਉਂਦੀ ਹੈ।੨। ਉਸ ਪਤੀ-ਪ੍ਰਭੂ ਦੀ (ਇਹਨੀਂ ਅੱਖੀਂ ਦਿੱਸਣ ਵਾਲੀ ਕੋਈ) ਸ਼ਕਲ ਨਹੀਂ ਹੈ ਉਸ ਦਾ ਕੋਈ ਚਿੰਨ੍ਹ ਭੀ ਨਹੀਂ (ਜਿਸ ਨੂੰ ਵੇਖ ਸਕੀਏ, ਤੇ ਉਸ ਦਾ ਸਿਮਰਨ ਕਰ ਸਕੀਏ। ਪਰ ਜੇ ਸਾਰੀ ਉਮਰ ਉਸ ਨੂੰ ਵਿਸਾਰੀ ਹੀ ਰੱਖਿਆ, ਤਾਂ) ਅੰਤ ਸਮੇ ਉਹ ਮਾਲਕ ਸਿਮਰਿਆ ਨਹੀਂ ਜਾ ਸਕਦਾ।੩।
ਹੇ ਪ੍ਰਭੂ! ਮੇਰੀ ਉੱਚੀ) ਸੁਰਤਿ ਨਹੀਂ, (ਮੇਰੇ ਵਿਚ ਕੋਈ) ਅਕਲ ਨਹੀਂ (ਕੋਈ) ਸਿਆਣਪ ਨਹੀਂ। (ਤੂੰ ਆਪ ਹੀ) ਮੇਹਰ ਕਰ ਕੇ ਮੈਨੂੰ ਆਪਣੀ ਚਰਨੀਂ ਲਾ ਲੈ।੪। ਜੇਹੜੀ ਜੀਵ-ਇਸਤ੍ਰੀ ਮਾਇਆ (ਦੇ ਮੋਹ) ਵਿਚ ਫਸੀ ਰਹੇ, ਭਟਕਣਾ ਵਿਚ ਪੈ ਕੇ ਜੀਵਨ-ਰਾਹ ਤੋਂ ਖੁੰਝੀ ਰਹੇ, ਉਹ (ਦੁਨੀਆ ਦੇ ਕਾਰ-ਵਿਹਾਰ ਵਿਚ ਭਾਵੇਂ) ਬਹੁਤ ਸਿਆਣੀ (ਭੀ ਹੋਵੇ, ਪਰ) ਉਹ ਕੰਤ-ਪ੍ਰਭੂ ਨੂੰ ਚੰਗੀ ਨਹੀਂ ਲੱਗਦੀ।੫। ਹੇ ਕੰਤ ਪ੍ਰਭੂ! ਜਦੋਂ ਹਉਮੈ ਦੂਰ ਹੋਵੇ ਤਦੋਂ ਹੀ (ਤੇਰੇ ਚਰਨਾਂ ਵਿਚ) ਲੀਨਤਾ ਹੋ ਸਕਦੀ ਹੈ, ਤਦੋਂ ਹੀ, ਹੇ ਪਿਆਰੇ! ਜੀਵ-ਇਸਤ੍ਰੀ ਤੈਨੂੰ-ਨੌ ਖ਼ਜ਼ਾਨਿਆਂ ਦੇ ਸੋਮੇ ਨੂੰ-ਮਿਲ ਸਕਦੀ ਹੈ।੬। ਹੇ ਪ੍ਰਭੂ ਰਾਇ! ਹੇ ਪ੍ਰੀਤਮ! ਤੈਥੋਂ ਵਿਛੁੜ ਕੇ ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ ਮੈਂ ਦੁੱਖ ਸਹਾਰਿਆ ਹੈ, ਹੁਣ ਤੂੰ ਮੇਰਾ ਹੱਥ ਫੜ ਲੈ।੭। ਨਾਨਕ ਬੇਨਤੀ ਕਰਦਾ ਹੈ-ਖਸਮ-ਪ੍ਰਭੂ (ਸਚ-ਮੁਚ ਮੌਜੂਦ) ਹੈ, ਸਦਾ ਹੀ ਰਹੇਗਾ। ਜੇਹੜੀ ਜੀਵ-ਇਸਤ੍ਰੀ ਉਸ ਨੂੰ ਭਾਉਂਦੀ ਹੈ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।੮।੧।