Select Page

ਬਿਲਾਵਲੁ ਮਹਲਾ ੫ ॥ ਬਿਨੁ ਹਰਿ ਕਾਮਿ ਨ ਆਵਤ ਹੇ ॥ ਜਾ ਸਿਉ ਰਾਚਿ ਮਾਚਿ ਤੁਮ੍ਹ੍ਹ ਲਾਗੇ ਓਹ ਮੋਹਨੀ ਮੋਹਾਵਤ ਹੇ ॥੧॥ ਰਹਾਉ ॥ ਕਨਿਕ ਕਾਮਿਨੀ ਸੇਜ ਸੋਹਨੀ ਛੋਡਿ ਖਿਨੈ ਮਹਿ ਜਾਵਤ ਹੇ ॥ ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥੧॥ ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥ ਐਸੇ ਗੜ ਮਹਿ ਐਠਿ ਹਠੀਲੋ ਫੂਲਿ ਫੂਲਿ ਕਿਆ ਪਾਵਤ ਹੇ ॥੨॥ ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥ ਦ੍ਰਿਸਟਿ ਨ ਆਵਹਿ ਅੰਧ ਅਗਿਆਨੀ ਸੋਇ ਰਹਿਓ ਮਦ ਮਾਵਤ ਹੇ ॥੩॥ ਜਾਲੁ ਪਸਾਰਿ ਚੋਗ ਬਿਸਥਾਰੀ ਪੰਖੀ ਜਿਉ ਫਾਹਾਵਤ ਹੇ ॥ ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥੪॥੨॥੮੮॥ {ਅੰਗ 821}

ਅਰਥ: ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ (ਕੋਈ ਹੋਰ ਚੀਜ਼ ਤੇਰੇ ਆਤਮਕ ਜੀਵਨ ਦੇਕੰਮ ਨਹੀਂ ਆ ਸਕਦੀ। ਜਿਸ ਮਨ-ਮੋਹਣੀ ਮਾਇਆ ਨਾਲ ਤੂੰ ਰਚਿਆ ਮਿਚਿਆ ਰਹਿੰਦਾ ਹੈਂ, ਉਹ ਤਾਂ ਤੈਨੂੰ ਠੱਗ ਰਹੀ ਹੈ।੧।ਰਹਾਉ। ਹੇ ਭਾਈ! ਸੋਨਾ (ਧਨ-ਪਦਾਰਥ) , ਇਸਤ੍ਰੀ ਦੀ ਸੋਹਣੀ ਸੇਜ-ਇਹ ਤਾਂ ਇਕ ਛਿਨ ਵਿਚ ਛੱਡ ਕੇ ਮਨੁੱਖ ਇਥੋਂ ਤੁਰ ਪੈਂਦਾ ਹੈ। ਕਾਮ-ਵਾਸਨਾ ਦੇ ਸੁਆਦਾਂ ਦਾ ਪ੍ਰੇਰਿਆ ਹੋਇਆ ਤੂੰ ਕਾਮ-ਵਾਸਨਾ ਵਿਚ ਫਸਿਆ ਪਿਆ ਹੈਂ, ਅਤੇ ਵਿਸ਼ੇ-ਵਿਕਾਰਾਂ ਦੀ ਠਗ-ਬੂਟੀ ਖਾ ਰਿਹਾ ਹੈਂ (ਜਿਸ ਦੇ ਕਾਰਨ ਤੂੰ ਆਤਮਕ ਜੀਵਨ ਵਲੋਂ ਬੇ-ਹੋਸ਼ ਪਿਆ ਹੈਂ੧। ਹੇ ਭਾਈ! ਤੀਲਿਆਂ ਦਾ ਘਰ ਬਣਾ ਸਵਾਰ ਕੇ ਤੂੰ ਉਸ ਦੇ ਹੇਠ ਅੱਗ ਬਾਲ ਰਿਹਾ ਹੈਂ (ਇਸ ਸਰੀਰ ਵਿਚ ਕਾਮਾਦਿਕ ਵਿਕਾਰਾਂ ਦਾ ਭਾਂਬੜ ਮਚਾ ਕੇ ਆਤਮਕ ਜੀਵਨ ਨੂੰ ਸੁਆਹ ਕਰੀ ਜਾ ਰਿਹਾ ਹੈਂ। ਵਿਕਾਰਾਂ ਵਿਚ ਸੜ ਰਹੇ) ਇਸ ਸਰੀਰ-ਕਿਲ੍ਹੇ ਵਿਚ ਆਕੜ ਕੇ ਹਠੀ ਹੋਇਆ ਬੈਠਾ ਤੂੰ ਮਾਣ ਕਰ ਕਰ ਕੇ ਹਾਸਲ ਤਾਂ ਕੁਝ ਭੀ ਨਹੀਂ ਕਰ ਰਿਹਾ।੨।

ਹੇ ਅੰਨ੍ਹੇ ਅਗਿਆਨੀ! ਕਾਮਾਦਿਕ ਪੰਜੇ ਵੈਰੀ ਤੇਰੇ ਸਿਰ ਉਤੇ ਖਲੋਤੇ ਹੋਏ ਤੈਨੂੰ ਜ਼ਲੀਲ ਕਰ ਰਹੇ ਹਨ, ਪਰ ਤੈਨੂੰ ਉਹ ਦਿੱਸਦੇ ਨਹੀਂ, ਤੂੰ ਵਿਕਾਰਾਂ ਦੇ ਨਸ਼ੇ ਵਿਚ ਮਸਤ ਹੋ ਕੇ ਆਤਮਕ ਜੀਵਨ ਵਲੋਂ ਬੇ-ਫ਼ਿਕਰ ਹੋਇਆ ਪਿਆ ਹੈਂ।੩। ਹੇ ਭਾਈ! ਜਿਵੇਂ ਕਿਸੇ ਪੰਛੀ ਨੂੰ ਫੜਨ ਲਈ ਜਾਲ ਖਿਲਾਰ ਕੇ ਉਸ ਉਤੇ ਚੋਗ ਖਿਲਾਰੀ ਜਾਂਦੀ ਹੈ, ਤਿਵੇਂ ਤੂੰ (ਦੁਨੀਆ ਦੇ ਪਦਾਰਥਾਂ ਦੇ ਚੋਗ ਵਿਚ) ਫਸ ਰਿਹਾ ਹੈਂ। ਹੇ ਨਾਨਕ! ਆਖ-(ਹੇ ਭਾਈ!) ਮਾਇਆ ਦੇ ਬੰਧਨਾਂ ਨੂੰ ਕੱਟਣ ਵਾਸਤੇ ਮੈਂ ਤਾਂ ਗੁਰੂ ਮਹਾ ਪੁਰਖ ਨੂੰ ਆਪਣੇ ਹਿਰਦੇ ਵਿਚ ਵਸਾ ਰਿਹਾ ਹਾਂ।੪।੨।੮੮।